ਅੱਜਕੱਲ੍ਹ ਪੰਜਾਬ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਲਾਪਰਵਾਹੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਦੋਂ ਡਾਕਟਰਾਂ ਦੀ ਗਲਤੀ ਕਾਰਨ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਪਰਿਵਾਰ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਮੌਤ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ ਹੈ ਅਤੇ ਡਾਕਟਰ ਦੇ
ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਮ੍ਰਿਤਕ ਬੱਚੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਿਛਲੇ ਸਵਾ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ,ਇਸੇ ਦੌਰਾਨ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ।ਪਰ ਲੜਕੇ ਦੀ ਤਬੀਅਤ ਠੀਕ ਨਹੀਂ ਸੀ ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ। ਪਰ ਪਿਛਲੇ ਦਿਨੀਂ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੋਂ ਹੇਠਾਂ ਉਤਾਰ ਦਿੱਤਾ ਸੀ।ਜਿਸ ਤੋਂ ਬਾਅਦ ਇਹ ਆਪਣੇ ਘਰੇ ਚਲਿਆ ਗਿਆ ਸੀ ਅਤੇ ਜਦੋਂ ਡਾਕਟਰਾਂ ਦਾ ਫੋਨ ਇਸ ਨੂੰ ਆਇਆ ਤਾਂ
ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਤਾਂ ਉਹ ਉੱਥੇ ਪਹੁੰਚ ਜਾਣ।ਜਦੋਂ ਇਹ ਹਸਪਤਾਲ ਪਹੁੰਚੇ ਅਤੇ ਬੱਚੇ ਨੂੰ ਦੇਖਿਆ ਤਾਂ ਇਨ੍ਹਾਂ ਦਾ ਬੱਚਾ ਕਾਲਾ ਹੋ ਚੁੱਕਿਆ ਸੀ, ਭਾਵ ਕਿ ਉਸ ਦੀ ਮੌਤ ਹੋ ਚੁੱਕੀ ਸੀ। ਪਰ ਫਿਰ ਵੀ ਡਾਕਟਰਾਂ ਨੇ ਇਹ ਗੱਲ ਨਹੀਂ ਮੰਨੀ ਕਿ ਬੱਚਾ ਮਰ ਚੁੱਕਿਆ ਹੈ।ਉਨ੍ਹਾਂ ਵਿੱਚੋਂ ਇੱਕ ਡਾਕਟਰ ਦਾ ਕਹਿਣਾ ਸੀ ਕਿ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ ਹੈ, ਦੂਸਰਾ ਕਹਿ ਰਿਹਾ ਸੀ ਕਿ ਬੱਚੇ ਨੂੰ ਇਨਫੈਕਸ਼ਨ ਹੋ ਚੁੱਕੀ ਹੈ,ਤੀਸਰੇ ਦਾ ਕਹਿਣਾ ਸੀ ਕਿ ਬੱਚੇ ਦੀ ਦਿਲ ਦੀ ਧੜਕਣ ਨਹੀਂ ਬਣ ਰਹੀ ਅਤੇ ਇਨ੍ਹਾਂ ਦੇ ਸੀਨੀਅਰ ਡਾਕਟਰ ਨੇ ਜਦੋਂ ਆ ਕੇ ਦੇਖਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਬਰੇਨ ਹੈਮਰੇਜ ਹੋਇਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਹ ਅੰਦਾਜ਼ਾ ਹੋਇਆ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੇ ਬੱਚੇ ਦੇ ਇਲਾਜ ਵਿਚ ਲਾਪ੍ਰਵਾਹੀ ਵਰਤੀ ਗਈ ਹੈ,ਜਿਸ ਕਾਰਨ
ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਛਾਣਬੀਨ ਦੇ ਆਧਾਰ ਉੱਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।