ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਅਤੇ ਹੁਣ ਇੱਕ ਹੋਰ ਦੁਖਦਾਇਕ ਘਟਨਾ ਸਿੰਘੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ,ਜਿਥੇ ਕਿਸਾਨਾਂ ਦੀ ਟਰਾਲੀ ਨੂੰ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਇੱਥੇ ਕਿਸਾਨਾਂ ਦੇ ਲਗਾਏ ਗਏ ਤੰਬੂ ਜਲ ਕੇ ਸੁਆਹ ਹੋ ਗਏ ਇੱਥੇ ਬਹੁਤ ਸਾਰਾ ਸਾਮਾਨ ਪਿਆ ਹੋਇਆ ਸੀ,ਉਸ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉੱਪਰ ਤਕ ਲਾਟਾਂ ਜਾ ਰਹੀਆਂ ਸੀ।ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ
ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਅਤੇ ਕਿਸਾਨਾਂ ਦੀ ਹਿੰਮਤ ਨਾਲ ਇਸ ਅੱਗ ਉੱਤੇ ਕਾਬੂ ਪਾਇਆ ਗਿਆ।ਇਸ ਘਟਨਾ ਤੋਂ ਬਾਅਦ ਕਿਸਾਨ ਕਾਫੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਅਜਿਹੀਆਂ ਹਰਕਤਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੋਂ ਉੱਠ ਕੇ ਚਲੇ ਜਾਣ।ਪਰ
ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਡਰਨ ਵਾਲਿਆਂ ਵਿੱਚੋਂ ਨਹੀਂ ਹਨ।ਉਹ ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਨਗੇ ਅਤੇ ਕੇਂਦਰ ਸਰਕਾਰ ਨੂੰ ਇੱਕ ਨਾ ਇੱਕ ਦਿਨ ਝੁਕਾ ਕੇ ਹੀ ਸਾਹ ਲੈਣਗੇ।ਇਸ ਘਟਨਾ ਤੋਂ ਬਾਅਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ।ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਇਸ ਦਾ ਅੰਜਾਮ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ।ਨਾਲ ਹੀ ਕਿਸਾਨਾਂ ਦੇ
ਇਸ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਅੱਗ ਕਿਸੇ ਵੱਲੋਂ ਜਾਣ ਬੁੱਝ ਕੇ ਲਗਾਈ ਗਈ ਹੈ।