ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਕੋਰੋਨਾ ਕਾਲ ਚੱਲ ਰਿਹਾ ਹੈ ਇਸ ਦੌਰਾਨ ਬੱਚੇ ਘਰਾਂ ਵਿੱਚ ਬੈਠੇ ਹੋਏ ਹਨ ਅਤੇ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਵੀ ਹਨ।ਕਿਉਂਕਿ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਭਾਵੇਂ ਕਿ ਬੱਚੇ ਖੇਡਣ ਵਿੱਚ ਜ਼ਿਆਦਾ ਆਨੰਦ ਮਾਣਦੇ ਹਨ,ਪਰ ਜਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਉਹ ਆਪਣੇ ਘਰਾਂ ਵਿਚ ਬੰਦ ਹਨ ਇਸ ਨਾਲ ਉਨ੍ਹਾਂ ਦੇ ਦਿਮਾਗ ਉੱਤੇ ਵੀ ਬੁਰਾ ਅਸਰ ਪੈ ਰਿਹਾ ਹੈ।ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਲਈ ਕੁਝ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਉਨ੍ਹਾਂ ਦਾ ਮਨ ਬਦਲ ਸਕੇ।ਇਸੇ ਤਰ੍ਹਾਂ ਦਾ ਇੱਕ ਉਪਰਾਲਾ ਪਟਿਆਲਾ ਵਿੱਚ ਕੀਤਾ ਗਿਆ ਜਿਥੇ ਜੂਨੀਅਰ ਸ਼ਾਹੀ ਗੱਭਰੂ ਅਤੇ ਮੁਟਿਆਰਾਂ ਨਾਂ ਦਾ
ਇੱਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੇ ਵਿੱਚ ਛੋਟੀ ਵੱਡੀ ਉਮਰ ਦੇ ਸਾਰੇ ਹੀ ਉਮੀਦਵਾਰ ਸ਼ਾਮਿਲ ਸਨ।ਜਾਣਕਾਰੀ ਮੁਤਾਬਕ ਇਹ ਉਪਰਾਲਾ ਅਮਨ ਵੜੈਚ ਵਲੋਂ ਕੀਤਾ ਗਿਆ ਹੈ।ਉਨ੍ਹਾਂ ਵੱਲੋਂ ਪਹਿਲਾਂ ਵੀ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ,ਪਰ ਉਹ ਅਕਸਰ ਹੀ ਵੱਡੇ ਲੜਕੇ ਲੜਕੀਆਂ ਦਾ ਮੁਕਾਬਲਾ ਕਰਵਾਉਂਦੇ ਹਨ।ਪਰ ਇਸ ਵਾਰ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਛੋਟੇ ਬੱਚਿਆਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਕਰਨ ਤਾਂ ਜੋ ਬੱਚੇ ਆਪਣੀ ਪ੍ਰਤਿਭਾ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰ ਸਕਣ। ਉਹ ਆਪਣੇ ਹੁਨਰ ਨੂੰ ਦੂਸਰਿਆਂ ਦੇ
ਸਾਹਮਣੇ ਉਜਾਗਰ ਕਰਕੇ ਆਪਣਾ ਨਾਮ ਵੀ ਰੌਸ਼ਨ ਕਰ ਸਕਣਗੇ।ਸੋ ਇਸ ਮੌਕੇ ਪਟਿਆਲਾ ਦੇ ਡੀ ਐੱਸ ਪੀ ਨੂੰ ਵੀ ਬੁਲਾਇਆ ਗਿਆ।ਉਨ੍ਹਾਂ ਨੂੰ ਬੁਲਾਉਣ ਦਾ ਇਹ ਮਕਸਦ ਸੀ ਕਿ ਬੱਚਿਆਂ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ,ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਇਸ ਮੌਕੇ ਬੱਚਿਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਜਿਸ ਤਰੀਕੇ ਨਾਲ ਛੋਟੀ ਉਮਰ ਦੇ ਬੱਚੇ ਅੱਜਕੱਲ੍ਹ ਸੜਕਾਂ ਉੱਤੇ ਆਵਾਜਾਈ ਦੇ ਸਾਧਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਬਹੁਤ ਸਾਰੇ ਬੱਚੇ ਆਪਣੀ ਜਾਨ ਗਵਾ ਬੈਠਦੇ ਹਨ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਨ੍ਹਾਂ ਨੂੰ ਸਿਖਾਈਆਂ ਗਈਆਂ।ਸੋ ਸਾਰਿਆਂ
ਵੱਲੋਂ ਇਸ ਪ੍ਰੋਗਰਾਮ ਦੀ ਕਾਫ਼ੀ ਸਰਾਹਣਾ ਕੀਤੀ ਜਾ ਰਹੀ ਹੈ।ਇਸ ਪ੍ਰੋਗਰਾਮ ਵਿੱਚ ਇੱਕ ਬੱਚਾ ਕਿਸਾਨੀ ਝੰਡੇ ਨਾਲ ਦਿਖਾਈ ਦਿੱਤਾ ਉਸ ਬੱਚੇ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ।