ਪੰਜਾਬ ਵਿੱਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ,ਜਿਸ ਕਾਰਨ ਲਗਾਤਾਰ ਬੇਰੋਜ਼ਗਾਰ ਨੌਜਵਾਨਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਪਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਦੱਸ ਦਈਏ ਕਿ ਅੱਜ ਪੈਰਾ ਓਲੰਪਿਕ ਵਿਚੋਂ ਤਮਗੇ ਜਿੱਤਣ ਵਾਲੇ ਅਪਾਹਿਜ ਖਿਡਾਰੀਆਂ ਨੇ ਚੰਡੀਗੜ੍ਹ ਵਿਚੋਂ ਕਾਂਗਰਸ ਸਰਕਾਰ ਦੇ ਦਫਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ।ਇਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ,ਜਿਸ ਨੂੰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਪੰਜਾਬ ਪੁਲੀਸ ਦੇ ਇਸ ਰਵੱਈਏ ਉੱਤੇ ਗੁੱਸਾ ਆ ਜਾਵੇਗਾ।
ਦੱਸ ਦੇਈਏ ਕਿ ਆਪਣੇ ਹੱਕਾਂ ਨੂੰ ਲੈਣ ਪਹੁੰਚੇ ਅਪਾਹਿਜ ਖਿਡਾਰੀਆਂ ਨੂੰ ਘੜੀਸ ਘੜੀਸ ਕੇ ਕੁੱਟਿਆ ਗਿਆ।ਇਸ ਤੋਂ ਇਲਾਵਾ ਉਨ੍ਹਾਂ ਦੇ ਤਗਮੇ ਅਤੇ ਟਰਾਫੀਆਂ ਨੂੰ ਵੀ ਤੋੜਿਆ ਗਿਆ।ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਝ ਖਿਡਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਨ੍ਹਾਂ ਅਪਾਹਿਜ ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੱਤਾ ਜਾਵੇਗਾ। ਉਸ ਸਮੇਂ ਤੱਕ ਇਹ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹੀ
ਅਤੇ ਉਨ੍ਹਾਂ ਨੇ ਇਨ੍ਹਾਂ ਅਪਾਹਿਜ ਖਿਡਾਰੀਆਂ ਨੂੰ ਫੋਨ ਲਗਾਇਆ ਅਤੇ ਵੀਡੀਓ ਕਾਲ ਰਾਹੀਂ ਇਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਇਨ੍ਹਾਂ ਦੇ ਮੁੱਦੇ ਉੱਤੇ ਗੱਲ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਕੈਬਨਿਟ ਮੀਟਿੰਗ ਹੋਵੇਗੀ ਉਸ ਵਿਚ ਪੰਜਾਬ ਦੇ ਖੇਡ ਮੰਤਰੀ ਨੂੰ ਬੁਲਾਇਆ ਜਾਵੇਗਾ।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਅਪਾਹਜ ਖਿਡਾਰੀਆਂ ਤੋਂ ਪੁਲੀਸ ਦੁਆਰਾ ਇਨ੍ਹਾਂ ਨਾਲ ਕੀਤੀ ਗਈ ਤਸ਼ੱਦਦ ਲਈ ਮੁਆਫ਼ੀ ਵੀ ਮੰਗੀ।
ਹੁਣ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਇਸ ਦਿਲਾਸੇ ਨੂੰ ਉਹ ਕਿੰਨੇ ਸਮੇਂ ਵਿਚ ਪੂਰਾ ਕਰਦੇ ਹਨ ਅਤੇ ਕਦੋਂ ਤਕ ਇਨ੍ਹਾਂ ਖਿਡਾਰੀਆਂ ਨੂੰ ਨੌਕਰੀ ਪ੍ਰਾਪਤ ਹੁੰਦੀ ਹੈ