ਪੰਜਾਬ ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਆਪਣੀ ਜਾਨ ਗੁਆ ਰਹੇ ਹਨ,ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਇਥੋਂ ਤੱਕ ਕਿ ਨਸ਼ਾ ਤਸਕਰਾਂ ਦੀ ਹਮਾਇਤ ਸਰਕਾਰ ਵੱਲੋਂ ਕੀਤੀ ਜਾਂਦੀ ਹੈ,ਜਿਸ ਕਾਰਨ ਲਗਾਤਾਰ ਚਿੱਟੇ ਦੀ ਨਸ਼ਾ ਤਸਕਰੀ ਪੰਜਾਬ ਵਿੱਚ ਵਧਦੀ ਜਾ ਰਹੀ ਹੈ।ਇਸੇ ਮੁੱਦੇ ਉੱਤੇ ਜਗਮੀਤ ਸਿੰਘ ਜੱਗਾ ਬੋਲੇ ਉਹ ਕਾਫੀ ਲੰਬੇ ਸਮੇਂ ਤੋਂ ਚਿੱਟੇ ਦੇ ਖਿਲਾਫ ਲੜਾਈ ਲੜ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ।ਉਨ੍ਹਾਂ
ਵੱਲੋਂ ਇਸ ਮੁੱਦੇ ਉੱਤੇ ਤਰਕ ਵੀ ਪੇਸ਼ ਕੀਤੇ ਜਾਂਦੇ ਰਹੇ ਹਨ ਕਿ ਕਿਸ ਤਰੀਕੇ ਨਾਲ ਖਸਖਸ ਦੀ ਖੇਤੀ ਕਰਨ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਅਤੇ ਨਾਲ ਹੀ ਉਹ ਚਿੱਟੇ ਦੇ ਨੁਕਸਾਨ ਦੱਸਦੇ ਹੋਏ ਵੀ ਦਿਖਾਈ ਦਿੱਤੇ।ਇਸ ਸਮੇਂ ਉਹ ਸ੍ਰੀ ਮੁਕਤਸਰ ਸਾਹਿਬ ਵਿਚ ਮੌਜੂਦ ਸੀ ਜਿੱਥੇ ਉਹ ਕਹਿ ਰਹੇ ਸੀ ਕਿ ਅਸੀਂ ਆਪਣੇ ਆਸ ਪਾਸ ਤੁਹਾਨੂੰ ਅਜਿਹੇ ਬਹੁਤ ਸਾਰੇ ਟੀਕੇ ਅਤੇ ਸਰਿੰਜਾਂ ਦਿਖਾ ਸਕਦੇ ਹਾਂ, ਜਿਸ ਨਾਲ ਨੌਜਵਾਨ ਆਪਣੀ ਜ਼ਿੰਦਗੀ ਨੂੰ ਖ਼ਰਾਬ ਕਰ ਰਹੇ ਹਨ। ਪਰ ਪੰਜਾਬ ਸਰਕਾਰ ਦਾ ਇਸ ਬਾਰੇ ਕੋਈ ਵੀ ਧਿਆਨ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੱਚਮੁੱਚ ਹੀ ਜੰਗਲ ਰਾਜ
ਹੋ ਚੁੱਕਿਆ ਹੈ। ਪਹਿਲਾਂ ਬਾਦਲ ਸਰਕਾਰ ਨੇ ਆਪਣੀ ਪੂਰੀ ਵਾਹ ਲਾਈ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾਵੇ ਅਤੇ ਹੁਣ ਕਾਂਗਰਸ ਸਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਕਰ ਦਿੱਤਾ ਜਾਵੇ।ਉਨ੍ਹਾਂ ਨੇ ਮਾਫੀ ਮੰਗਦੇ ਹੋਏ ਇਹ ਕਿਹਾ ਕਿ ਪੰਜਾਬੀ ਅੱਜਕੱਲ੍ਹ ਯੋਧੇ ਨਹੀਂ ਰਹੇ ਅੱਜਕੱਲ੍ਹ ਪੰਜਾਬੀ ਨਿਪੁੰਸਕ ਹੁੰਦੇ ਜਾ ਰਹੇ ਹਨ।ਜਿਸ ਪਿੱਛੇ ਸਭ ਤੋਂ ਵੱਡੀ ਗਲਤੀ ਸਰਕਾਰ ਦੀ ਹੈ,ਕਿਉਂਕਿ ਸਰਕਾਰ ਵੱਲੋਂ ਚਿੱਟੇ ਦੇ ਖਿਲਾਫ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਸ ਨਾਲ ਇਸ ਦੀ ਰੋਕਥਾਮ ਹੋ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਇਸ ਵਿੱਚ ਕੋਈ ਗ਼ਲਤੀ ਨਹੀਂ ਹੈ,ਕਿਉਂਕਿ ਲੱਖਾਂ ਰੁਪਿਆ ਲਗਾ ਕੇ ਉਹ ਡਿਗਰੀਆਂ ਕਰਦੇ ਹਨ ਉਸ ਤੋਂ ਬਾਅਦ ਉਨ੍ਹਾਂ ਨੂੰ
ਰੁਜ਼ਗਾਰ ਨਹੀਂ ਮਿਲਦਾ।ਅੱਕ ਕੇ ਉਹ ਨਸ਼ੇ ਵੱਲ ਤੁਰਦੇ ਹਨ ਅਤੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਖਤਮ ਕਰ ਦਿੰਦੇ ਹਨ।