Pakistan ਦੇ ਗੁਰੂ ਘਰ ’ਚ ਚੱਲੀ ਨੌਨਵੈਜ ਪਾਰਟੀ! ਮੀਟ ਦੇ ਨਾਲ-ਨਾਲ ਸ਼ਰਾਬ ਤੱਕ ਪਰੋਸਣ ਦੇ ਇਲਜ਼ਾਮ

Uncategorized

ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ ਬੀਤੀ ਰਾਤ ਇੱਕ ਪਾਰਟੀ ਹੋਈ, ਜਿਸ ਵਿੱਚ ਨਾਨ ਵੈਜ ਵੀ ਪਰੋਸਿਆ ਗਿਆ। ਇਸ ਪਾਰਟੀ ਵਿੱਚ ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (PMU) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਵੀ ਸ਼ਾਮਲ ਹੋਏ। ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਵੀਹ ਫੁੱਟ ਦੀ ਦੂਰੀ ‘ਤੇ ਆਯੋਜਿਤ ਕੀਤੀ ਗਈ ਸੀ।

ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿਰਸਾ ਨੇ ਕਿਹਾ ਕਿ ਮੈਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਸ਼ਰਾਬ ਅਤੇ ਮੀਟ ਦੀ ਵਰਤੋਂ ਨਾਲ ਜੁੜੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਖਾਸ ਤੌਰ ‘ਤੇ ਨਿਰਾਸ਼ਾਜਨਕ ਹੈ ਕਿ ਕਰਤਾਰਪੁਰ ਗੁਰਦੁਆਰਾ ਕਮੇਟੀ ਪ੍ਰਸ਼ਾਸਨ ਇਸ ਵਿੱਚ ਸ਼ਾਮਲ ਸੀ। ਕੰਪਲੈਕਸ ਦੇ ਅੰਦਰ ਕੁਆਰਟਰ ਵਿੱਚ ਸ਼ਰਾਬ, ਮਾਸ-ਮੀਟ ਦਾ ਸੇਵਨ ਕੀਤਾ ਗਿਆ।

ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸਥਾਨ, ਜੋ ਸਾਰੀ ਲੋਕਾਈ ਨੂੰ ਸੰਦੇਸ਼ ਦਿੰਦਾ ਹੈ, ਉਥੇ ਅਜਿਹਾ ਪਾਪ ਕੀਤਾ ਗਿਆ ਤੇ ਪਾਪ ਕਰਨ ਵਾਲੇ ਲੋਕ ਪ੍ਰਬੰਧ ਨੂੰ ਹੀ ਚਲਾਉਣ ਵਾਲੇ ਲੋਕ ਹਨ। ਭਾਜਪਾ ਆਗੂ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡੀ ਬੇਅਦਬੀ ਦੱਸਦਿਆਂ ਕਿਹਾ ਕਿ ਕਿ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਜ਼ਿੰਮੇਵਾਰ ਲੋਕਾਂ ਖਿਲਾਫ ਪੂਰੀ ਅਤੇ ਸਖਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀਆਂ ਦੇ ਵਿਸ਼ਵਾਸ ਨੂੰ ਲਗਾਤਾਰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ। ਮਿਲੀ ਜਾਣਕਾਰੀ ਮੁਤਾਬਕ ਇਹ ਪਾਰਟੀ 18 ਨਵੰਬਰ ਦਿਨ ਐਤਵਾਰ ਨੂੰ ਰਾਤ 8 ਵਜੇ ਸ਼ੁਰੂ ਹੋਈ, ਜਿਸ ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਕੀਤਾ ਦੱਸਿਆ ਜਾਂਦਾ ਹੈ। ਅਧਿਕਾਰੀ ਵੀ ਸ਼ਰਾਬ ਦੇ ਨਸ਼ੇ ‘ਚ ਨੱਚਦੇ ਨਜ਼ਰ ਆਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿੱਚ ਰਹੇ। ਇਸ ਪਾਰਟੀ ਵਿੱਚ ਕਰਤਾਰਪੁਰ ਲਾਂਘੇ ਦੇ ਰਾਜਦੂਤ ਰਹੇ ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ। ਇਸ ਦੌਰਾਨ ਮਹਿਮਾਨ ਅਤੇ ਮੇਜ਼ਬਾਨ ਸਈਅਦ ਅਬੂ ਬਕਰ ਕੁਰੈਸ਼ੀ ਪਹਿਲੀ ਕਤਾਰ ਵਿੱਚ ਡਾਂਸ ਦਾ ਆਨੰਦ ਲੈਂਦੇ ਨਜ਼ਰ ਆਏ।

Leave a Reply

Your email address will not be published. Required fields are marked *